ਰਾਜਨੀਤੀ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜਥੇਬੰਦੀ ਦੇ ਕੌਮੀ ਪ੍ਰਧਾਨ ਸ ਬਲਬੀਰ ਸਿੰਘ ਰਾਜੇਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ।

 

ਬੀਜਾ 6 ਮਈ (ਇੰਦਰਜੀਤ ਸਿੰਘ ਦੈਹਿੜੂ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਜਥੇਬੰਦੀ ਦੇ ਕੌਮੀ ਪ੍ਰਧਾਨ ਸ ਬਲਬੀਰ ਸਿੰਘ ਰਾਜੇਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਦੀ ਪੇਸ਼ਕਸ਼ ਨੂੰ ਮੂਲੋਂ ਹੀ ਰੱਦ ਕਰਦਿਆਂ ਕਿਹਾ ਹੈ ਕਿ ਸਿੱਧੀ ਬਿਜਾਈ ਲਈ ਪਹਿਲੀ ਗੱਲ ਤਾਂ ਹੁਣੇ ਤੋਂ ਘੱਟੋ-ਘੱਟ 8ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਸਰਕਾਰ ਵਲੋ ਅੈਲਾਨ ਕੀਤੇ 1500 ਰੁਪਏ ਨਾਲ ਤਾਂ ਕੀ 10000 ਦਸ ਹਜ਼ਾਰ ਰੁਪਏ ਪ੍ਰਤੀ ਏਕੜ ਨਾਲ ਵੀ ਹੋਣ ਵਾਲੇ ਖਰਚੇ ਸਹਿਣਯੋਗ ਨਹੀਂ ਕਿਉਂਕਿ ਇਸ ਬਿਜਾਈ ਤੇ ਨਦੀਨਾਂ ਦੀ ਵੱਡੀ ਸਮਸਿਆ ਦੇ ਨਾਲ ਨਾਲ ਲੇਬਰ ਦੇ ਵੱਡੇ ਖਰਚੇ ਆਉਂਦੇ ਹਨ।

ਮੀਟਿੰਗ ਨੇ ਅਗਲੇ ਮਤੇ ਰਾਹੀਂ ਕਣਕ ਦੇ ਘਟੇ ਝਾਡ਼ ਦੀ ਪੂਰਤੀ ਲਈ ਐਕਸਗ੍ਰੇਸੀਆ ਗ੍ਰਾਂਟ ਪ੍ਰਤੀ ਏਕੜ 15000 ਰੁਪਏ ਦਿਤੇ ਜਾਣ ਦੀ ਮੰਗ ਕੀਤੀ ਹੈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ ਰਾਜੇਵਾਲ ਨੇ ਕਿਹਾ ਕਿ ਪਵਣ ਗੁਰੂ ਪਾਣੀ ਪਿਤਾ ਦੇ ਮਹਾਂ ਵਾਕ ਅਨੁਸਾਰ ਪਾਣੀ ਜੀਵਨ ਲਈ ਇਨ੍ਹਾਂ ਕੁ ਮਹੱਤਵਪੂਰਨ ਹੈ ਕਿ ਪਾਣੀ ਤੋਂ ਬਿਨਾਂ ਜੀਵਨ ਨਹੀਂ ਰਹਿ ਸਕਦਾ,ਇਸ ਲਈ ਪਾਣੀਆਂ ਦੀ ਲਡ਼ਾੲੀ ਲਈ ਹੁਣੇ ਤੋਂ ਕਮਰਕਸੇ ਕਰਕੇ ਤਿਆਰੀਆਂ ਆਰੰਭ ਦਿੱਤੀਆਂ ਜਾਣ, ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ ਜੁਲਾਈ ਮਹੀਨੇ ਵੱਡਾ ਅੰਦੋਲਨ ਵਿੱਢਿਆ ਜਾਵੇਗਾ,ਜਿਸ ਲਈ ਸਮਾਜ ਦੇ ਸਮੁੱਚੇ ਭਾਈਚਾਰਿਆਂ ਨੂੰ ਤਕਡ਼ੇ ਹੋ ਕੇ ਆਪਣੇ ਅਤੇ ਆਪਣੀਆਂ ਪੀਡ਼ੀਆਂ ਦੇ ਭਵਿੱਖ ਲਈ ਵੱਡਾ ਅੰਦੋਲਨ ਲਡ਼ਨ ਦੀ ਜ਼ਰੂਰਤ ਹੈ, ਜਿਸਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ,ਜਿਸ ਲਈ ਸਰਕਾਰ ਨੂੰ ਨੋਟਿਸ ਦਿੱਤਾ ਜਾਵੇਗਾ।

ਮੀਟਿੰਗ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਦਿਆਂ ਸ ਸੁਖਵਿੰਦਰ ਸਿੰਘ ਭੱਟੀਆਂ (ਮਾਛੀਵਾੜਾ ਸਾਹਿਬ)ਨੂੰ ਜਥੇਬੰਦੀ ਦਾ ਪੰਜਾਬ ਦਾ ਮੀਤ ਪ੍ਰਧਾਨ ਅਤੇ ਸ ਰਜਿੰਦਰ ਸਿੰਘ ਕੋਟ ਪਨੈਚ ਨੂੰ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਮੀਟਿੰਗ ਦੌਰਾਨ ਸ ਰਾਜੇਵਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ, ਸਕੱਤਰ ਪ੍ਰਗਟ ਸਿੰਘ ਮੱਖੂ, ਘੁੰਮਣ ਸਿੰਘ ਰਾਜਗਡ਼, ਖਜਾਨਚੀ ਗੁਲਜ਼ਾਰ ਸਿੰਘ ਘਨੌਰ, ਪੰਜਾਬ ਦੇ ਯੂਥ ਪ੍ਰਧਾਨ ਲਖਵਿੰਦਰ ਸਿੰਘ ਪੀਰਮੁਹੰਮਦ ਅਤੇ ਸਾਰੇ ਪੰਜਾਬ ਭਰ ਚੋਂ ਜ਼ਿਲਿਆਂ ਦੇ ਪ੍ਰਧਾਨਾਂ ਤੋਂ ਇਲਾਵਾ ਹੋਰ ਅਹੁਦੇਦਾਰਾਂ ਨੇ ਵੀ ਸ਼ਮੂਲੀਅਤ ਕੀਤੀ।