ਪੰਜਾਬ

ਪਹਿਲੀ ਵਾਰ ਲੋਕਾਂ ਨੇ ਆਪਣੇ ਆਪ ਨੂੰ ਵੋਟ ਦੇ ਕੇ ਪੰਜਾਬ ਨੂੰ ਬਚਾਉਣ ਲਈ ਪਹਿਲ ਕਦਮੀ ਦਿਖਾਈ – ਐਡਵੋਕੇਟ ਚੀਮਾ

ਪਹਿਲੀ ਵਾਰ ਲੋਕਾਂ ਨੇ ਆਪਣੇ ਆਪ ਨੂੰ ਵੋਟ ਦੇ ਕੇ ਪੰਜਾਬ ਨੂੰ ਬਚਾਉਣ ਲਈ ਪਹਿਲ ਕਦਮੀ ਦਿਖਾਈ – ਐਡਵੋਕੇਟ ਚੀਮਾ
ਦਿੜ੍ਹਬਾ ਮੰਡੀ, 10 ਮਾਰਚ ( ਸਤਪਾਲ ਖਡਿਆਲ )

ਵਿਧਾਨ ਸਭਾ ਹਲਕਾ ਦਿੜ੍ਹਬਾ ਜਿਸ ਨੂੰ ਹੁਣ ਤੱਕ ਹੌਟ ਸੀਟ ਮੰਨਿਆ ਜਾ ਰਿਹਾ ਸੀ ਤੋਂ ਇੱਕਪਾਸੜ ਜਿੱਤ ਹਾਸਿਲ ਕਰਨ ਤੋਂ ਬਾਅਦ ਦਿੜ੍ਹਬਾ ਪਹੁੰਚੇ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਪਣੇ ਆਪ ਨੂੰ ਵੋਟ ਪਾਈ ਹੈ। ਲੋਕਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖ ਕੇ ਇਤਹਾਸਿਕ ਫੈਸਲਾ ਕੀਤਾ ਹੈ। ਅਸੀਂ ਹਮੇਸ਼ਾ ਆਪਣੇ ਰੰਗਲੇ ਪੰਜਾਬ ਦੇ ਲੋਕਾਂ ਦੇ ਰਿਣੀ ਰਹਾਂਗੇ ਜਿੰਨਾ ਨੇ ਕੂੜ ਪ੍ਚਾਰ ਕਰਨ ਵਾਲੀਆਂ ਤਾਕਤਵਰ ਸ਼ਕਤੀਆ ਨੂੰ ਨਿਕਾਰ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਤੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਡੇ ਵਰਗੇ ਆਮ ਲੋਕਾਂ ਨੂੰ ਪੰਜਾਬ ਦੀ ਵਾਂਗਡੋਰ ਸੌਂਪੀ ਹੈ। ਅਸੀਂ ਲੋਕਾਂ ਵਲੋਂ ਮਿਲੇ ਪਿਆਰ ਤੇ ਵਿਸ਼ਵਾਸ ਨੂੰ ਹਰ ਹਾਲ ਵਿੱਚ ਕਾਇਮ ਰੱਖਾਂਗੇ। ਬਾਅਦ ਦੁਪਹਿਰ ਮਹਿਲਾਂ ਚੌਂਕ ਤੋਂ ਲੋਕਾਂ ਨੇ ਆਪਣੇ ਨਿੱਜੀ ਵਹੀਕਲਾਂ ਨਾਲ ਚੀਮਾ ਨੂੰ ਦਿੜ੍ਹਬਾ ਲੈਕੇ ਗਏ। ਨੈਸ਼ਨਲ ਹਾਈਵੇ ਤੇ ਜਸਨ ਦਾ ਮਾਹੌਲ ਦੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਚੀਮਾ ਗੁਰਦੁਆਰਾ ਬੈਰਸੀਆਣਾ ਸਾਹਿਬ ਨਤਮਸਤਕ ਹੋਏ। ਉਸ ਤੋਂ ਬਾਅਦ ਉਹ ਦਿੜ੍ਹਬਾ ਪਹੁੰਚੇ। ਇਸ ਮੌਕੇ ਆਪ ਵਰਕਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਲੋਕਾਂ ਨੇ ਹਾਰਾਂ ਤੇ ਫੁੱਲਾਂ ਦੀ ਵਰਖਾ ਕਰਕੇ ਚੀਮਾ ਦਾ ਸਵਾਗਤ ਕੀਤਾ।
ਇਸ ਚੋਣ ਵਿੱਚ ਚੀਮਾ ਨੇ ਜਿੱਥੇ ਕਾਂਗਰਸ ਦੇ ਉਮੀਦਵਾਰ ਅਜੈਬ ਸਿੰਘ ਰਟੋਲ ਨੂੰ ਬੁਰੀ ਤਰ੍ਹਾਂ ਪਛਾੜਿਆ ਉੱਥੇ ਹੀ ਅਕਾਲੀ ਬਸਪਾ ਉਮੀਦਵਾਰ ਗੁਲਜ਼ਾਰ ਸਿੰਘ ਮੂਣਕ ਨੂੰ ਤਕੜੇ ਸਿਆਸੀ ਜੱਫੇ ਲਾ ਕੇ ਮੈਚ ਨੂੰ ਇੱਕਤਰਫਾ ਕਰ ਦਿੱਤਾ। ਹਲਕੇ ਦੇ ਕਈ ਦਿੱਗਜ ਇਸ ਚੋਣ ਵਿੱਚ ਸਿਆਸਤ ਵਿੱਚ ਲੋਕਾਂ ਨੇ ਮਨਫੀ ਕਰ ਦਿੱਤੇ। ਪਿਛਲੇ ਸਮੇਂ ਤੋਂ ਆਮ ਲੋਕਾਂ ਦੀ ਸਿਆਸੀ ਚੁੱਪ ਅੱਜ ਪੰਜਾਬ ਦੀ ਸੱਤਾ ਤੇ ਦਹਾਕਿਆਂ ਬੱਧੀ ਕਾਬਜ ਰਹੀਆਂ ਪਾਰਟੀਆਂ ਲਈ ਖਤਰਨਾਕ ਸਾਬਿਤ ਹੋਈਆਂ। ਸਿਆਸੀ ਪੰਡਤ ਦਿੜ੍ਹਬਾ ਵਿੱਚ ਚੀਮਾ ਦੀ ਚੋਣ ਨੂੰ ਇੱਕ ਚਣੌਤੀ ਕਹਿ ਕੇ ਪੇਸ਼ ਕਰ ਰਹੇ ਸਨ ਪਰ ਅੱਜ ਦੀ ਜਿੱਤ ਨੇ ਸਾਰੇ ਵਹਿਮ ਕੱਢ ਦਿੱਤੇ।
ਅਨੇਕਾਂ ਮੁਸ਼ਕਲਾਂ ਨਾਲ ਘਿਰੇ ਦਿੜ੍ਹਬਾ ਹਲਕੇ ਨੂੰ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਜਿੱਤ ਨਾਲ ਵੱਡੀਆਂ ਉਮੀਦਾਂ ਹਨ।।