ਪੰਜਾਬ

ਬਲਾਕ ਸਮਰਾਲਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਬਲਾਕ ਪੱਧਰੀ ਕੈਂਪ

ਬਲਾਕ ਸਮਰਾਲਾ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਬਲਾਕ ਪੱਧਰੀ ਕੈਂਪ

 

ਸਮਰਾਲਾ, 6 ਮਈ ( ਇੰਦਰਜੀਤ ਸਿੰਘ ਦੈਹਿੜੂ ) ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੰਗੀਲ ਸਿੰਘ ਖੇਤੀਬਾੜੀ ਅਫ਼ਸਰ ਸਮਰਾਲਾ ਦੀ ਪ੍ਰਧਾਨਗੀ ਹੇਠ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਅਤੇ ਮੁੱਖ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਮਹਿਦੂਦਾਂ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਡਾ. ਹਰਜਿੰਦਰ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਸਮਰਾਲਾ ਵੱਲੋਂ ਝੋਨੇ ਦੀ ਕਾਸ਼ਤ ਖਾਸ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਆਪਣੇ ਵਿਚਾਰ ਕਿਸਾਨ ਭਰਾਵਾਂ ਨਾਲ ਸਾਂਝੇ ਕੀਤੇ, ਉਹਨਾਂ ਦੱਸਿਆ ਕਿ ਧਰਤੀ ਹੇਠਲੇ ਡਿੱਗਦੇ ਪਾਣੀ ਦੇ ਲੈਵਲ ਨੂੰ ਠੱਲ ਪਾਉਣ, ਬਿਜਲੀ ਦੀ ਖਪਤ ਘਟਾਉਣ ਤੇ ਖੇਤੀ ਖਰਚੇ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਸਮੇਂ ਦੀ ਲੋੜ ਹੈ। ਇਸ ਤਕਨੀਕ ਨਾਲ ਪਰਾਲੀ ਪ੍ਰਬੰਧਨ ਕਰਨਾ ਵੀ ਸੌਖਾ ਹੈ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਉੱਤੇ ਹਮਲਾ ਕਰਨ ਵਾਲੇ ਕੀੜੇ ਮਕੌੜੈ ਤੇ ਬਿਮਾਰੀਆਂ ਬਾਰੇ ਵੀ ਵਿਸਥਾਰ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ) ਨੇ ਸੱਠੀ ਮੂੰਗੀ ਅਤੇ ਬਸੰਤ ਰੁੱਤ ਦੀ ਮੱਕੀ ਬਾਰੇ ਕਿਸਾਨ ਭਰਾਵਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਸੱਠੀ ਮੂੰਗੀ ਜਿੱਥੇ ਇਕ ਵਾਧੂ ਹਾੜ੍ਹੀ ਫ਼ਸਲ ਹੈ ਉੱਥੇ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰਦੀ ਹੈ ਅਤੇ ਨਾਲ ਹੀ ਮੱਕੀ ਦੀ ਫ਼ਸਲ ਵਿੱਚ ਹਮਲਾ ਕਰਨ ਵਾਲੇ ਕੀੜੇ ਫਾਲ ਆਰਮੀ ਵਾਰਮ ਬਾਰੇ ਵੀ ਕਿਸਾਨ ਭਰਾਵਾਂ ਨੂੰ ਜਾਗਰੂਕ ਕੀਤਾ।

ਇਸ ਮੌਕੇ ਸੁਖਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੱਲੋਂ ਵਾਧੂ ਹੋ ਰਹੀ ਖੇਤੀ ਜਹਿਰਾਂ ਦੀ ਵਰਤੋਂ ਸਬੰਧੀ ਕਿਸਾਨਾਂ ਨੂੰ ਸੁਚੇਤ ਕੀਤਾ ਤਾਂ ਜੋ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਲਵਪ੍ਰੀਤ ਸਿੰਘ, ਭੂਮੀ ਰੱਖਿਆ ਅਫ਼ਸਰ ਸਮਰਾਲਾ, ਪ੍ਰੋਫੈਸਰ ਹਰਪ੍ਰੀਤ ਸਿੰਘ ਨੈਸ਼ਨਲ ਕਾਲਜ ਦੋਰਾਹਾ, ਜਿਨ੍ਹਾਂ ਦੀ ਟੀਮ (ਆਈ. ਟੀ. ਫਾਊਂਡੇਸ਼ਨ) ਨਾਲ ਮਿਲ ਕੇ ਪ੍ਰਾਲੀ ਪ੍ਰਬੰਧਨ ਸਬੰਧੀ ਕੰਮ ਕਰਦੀ ਹੈ। ਇਸ ਮੌਕੇ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਵੱਲੋਂ ਪ੍ਰਾਲੀ ਪ੍ਰਬੰਧਨ ਸਬੰਧੀ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ। ਖੇਤੀਬਾੜੀ ਵਿਭਾਗ ਦੇ ਹੋਰ ਕਰਮਚਾਰੀ ਤੇਜਿੰਦਰ ਸਿੰਘ ਉੱਪ ਨਰੀਖਕ, ਚਮਕੌਰ ਸਿੰਘ ਉੱਪ ਨਰੀਖਕ, ਸਰਬਜੀਤ ਸਿੰਘ ਬੀ.ਟੀ.ਐਮ., ਕੁਲਵਿੰਦਰ ਸਿੰਘ ਏ.ਟੀ.ਐਮ., ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰਦੀਪ ਸਿੰਘ ਤੇ ਮਹਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਸੁਸਾਇਟੀਆਂ ਦੇ ਸਕੱਤਰ ਸਾਹਿਬਾਨਾਂ ਨੇ ਵੀ ਸ਼ਮੂਲੀਅਤ ਕੀਤੀ।

 

 

ਫੋਟੋ ਕੈਪਸ਼ਨ : ਖੇਤੀਬਾੜੀ ਵਿਭਾਗ ਸਮਰਾਲਾ ਵੱਲੋਂ ਮਹਿਦੂਦਾਂ ਵਿਖੇ ਲਗਾਏ ਕੈਂਪ ਦਾ ਦ੍ਰਿਸ਼।