ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਦੌਰਾਨ ਮਾਲ ਵਿਭਾਗ ਦੀ ਹੜਤਾਲ ਨੂੰ ਗੈਰ ਜਿੰਮੇਵਾਰਨਾਂ ਠਹਿਰਾਇਆ
ਮਾਲ ਵਿਭਾਗ ਦੇ ਹੜਤਾਲੀ ਅਧਿਕਾਰੀ ਤੇ ਕਰਮਚਾਰੀ ਰਿਸ਼ਵਤ ਨੂੰ ਕਾਨੂੰਨੀ ਮਾਨਤਾ ਦਿਵਾਉਣਾ ਚਾਹੁੰਦੇ ਹਨ – ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ
ਸਮਰਾਲਾ, 5 ਮਈ (ਇੰਦਰਜੀਤ ਸਿੰਘ ਦੈਹਿੜੂ) ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਬਟਾਲਾ ਨੇੜੇ ਨਾੜ ਨੂੰ ਅੱਗ ਲਗਾਏ ਜਾਣ ਤੇ ਜਖਮੀ ਹੋਏ ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਅਤੇ ਵਾਪਰੀ ਘਟਨਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਕੇਂਦਰ ਸਰਕਾਰ ਵੱਲੋਂ ਪੋਟਾਸ਼ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ। ਇਸ ਮੌਕੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੀਤੇ ਦਿਨੀਂ ਦੀਦਾਰ ਸਿੰਘ ਨਾਂ ਦੇ ਪਟਵਾਰੀ ਨੂੰ ਵਿਜੀਂਲੈਂਸ ਵਿਭਾਗ ਦੁਆਰਾ ਫੜ੍ਹੇ ਜਾਣ ਦੇ ਵਿਰੋਧ ਵਿੱਚ ਸੂਬਾ ਭਰ ਦੇ ਮਾਲ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਜੋ ਹੜਤਾਲ ਤੇ ਚਲੇ ਹਨ, ਇਹ ਤਾਂ ਇਹ ਗੱਲ ਹੋ ਗਈ ਹੈ ਕਿ ਮਾਲ ਵਿਭਾਗ ਦੇ ਅਧਿਕਾਰੀ ਹੁਣ ਰਿਸ਼ਵਤ ਨੂੰ ਕਾਨੂੰਨੀ ਦਰਜਾ ਦਿਵਾਉਣਾ ਚਾਹੁੰਦੇ ਹਨ। ਕਿਉਂਕਿ ਜੋ ਮਾਲ ਵਿਭਾਗ ਵਿੱਚ ਜੋ ਲੁੱਟ ਆਮ ਲੋਕਾਂ ਦੀ ਹੁੰਦੀ ਆਈ ਹੈ, ਉਹ ਕਿਸੇ ਤੋਂ ਨਹੀਂ ਛੁਪੀ ਹੋਈ। ਉਨ੍ਹਾਂ ਮਾਲ ਵਿਭਾਗ ਦੇ ਹੜਤਾਲ ਤੇ ਗਏ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਵਿਜੀਂਲੈਂਸ ਵਿਭਾਗ ਦੁਆਰਾ ਉਕਤ ਪਟਵਾਰੀ ਤੇ ਲਗਾਏ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਕੀ ਹੜਤਾਲ ਤੇ ਗਏ ਕਰਮਚਾਰੀ ਆਪਣੀਆਂ ਨੌਕਰੀਆਂ ਤੋਂ ਅਸਤੀਫਾ ਦੇਣਗੇ? ਉਨ੍ਹਾਂ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਨਾ ਕਰਨ, ਆਪਣੇ ਕੰਮ ਪ੍ਰਤੀ ਸੁਹਿਰਦ ਹੋ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਤੇ ਪਰਤ ਆਉਣ, ਘਰ ਦੇ ਗੁਜਾਰੇ ਲਈ ਤਨਖਾਹਾਂ ਬਹੁਤ ਹਨ, ਆਮ ਲੋਕਾਂ ਦਾ ਖੂਨ ਚੂਸਣ ਤੋਂ ਗੁਰੇਜ ਕਰਨ। ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੀ ਰਹੀ ਹੈ, ਹਰ ਵਾਰ ਖਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੰਦੀ ਹੈ, ਇਸ ਵਾਰ ਕੇਂਦਰ ਨੇ ਪੋਟਾਸ਼ ਦੀ ਕੀਮਤ ਵਿੱਚ ਭਾਰੀ ਵਾਧਾ ਕਰਕੇ ਜਾਣ ਬੁੱਝ ਕੇ ਕਿਸਾਨਾਂ ਦਾ ਮਨੋਬਲ ਸੁੱਟ ਕੇ ਬਰਬਾਦ ਕਰਨਾ ਚਾਹੁੰਦੀ ਹੈ ਅਤੇ ਕਾਲੇ ਕਾਨੂੰਨਾਂ ਨੂੰ ਫਿਰ ਤੋਂ ਵਾਪਸ ਲਿਆਉਣਾ ਚਾਹੁੰਦੀ ਹੈ, ਪਹਿਲਾਂ ਕੇਂਦਰ ਸਰਕਾਰ ਨੇ ਡੀ ਏ ਪੀ ਦੀ ਕੀਮਤ ਵਿੱਚ ਵਾਧਾ ਕੀਤਾ ਹੁਣ ਪੋਟਾਸ਼ ਦੀਆਂ ਕੀਮਤਾਂ ਵਿੱਚ ਕਿਸਾਨਾਂ ਤੇ ਵਿੱਤੀ ਬੋਝ ਪਾਉਣਾ ਚਾਹੁੰਦੀ ਹੈ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਜਨ: ਸਕੱਤਰ, ਦਰਬਾਰਾ ਸਿੰਘ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਜੀਵਨ ਸਿੰਘ ਸਕੱਤਰ, ਜੀਤ ਸਿੰਘ ਟੋਡਰਪੁਰ, ਨਵਜੀਤ ਸਿੰਘ ਮਾਂਗਟ ਕਟਾਣਾਂ ਸਾਹਿਬ, ਹਰਪ੍ਰੀਤ ਸਿੰਘ ਬਾਲਿਓਂ, ਹੁਸ਼ਿਆਰ ਸਿੰਘ ਬੰਬ, ਸੁਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ ਸਮਰਾਲਾ, ਜੀਵਨ ਸਿੰਘ ਮੱਲਮਾਜਰਾ, ਦਵਿੰਦਰ ਸਿੰਘ, ਗੁਰਦੇਵ ਸਿੰਘ ਕਟਾਣਾ ਸਾਹਿਬ, ਸੁਖਦੇਵ ਸਿੰਘ ਕਟਾਣਾ ਸਾਹਿਬ, ਦਰਬਾਰਾ ਸਿੰਘ ਕਟਾਣਾ ਸਾਹਿਬ, ਅਵਤਾਰ ਸਿੰਘ, ਅਮਰੀਕ ਸਿੰਘ, ਬਹਾਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਵਿੱਚ ਸ਼ਾਮਲ ਆਗੂ।