Breaking News

ਭਾਸ਼ਾ ਵਿਭਾਗ, ਪੰਜਾਬ ਵੱਲੋਂ ਲੁਧਿਆਣਾ ਦੇ ਗੁੱਜਰਖਾਨ ਕੈਂਪਸ ਕਾਲਜ ‘ਚ ਸੱਭਿਆਚਾਰਕ ਸਮਾਗਮ ਆਯੋਜਿਤ

ਭਾਸ਼ਾ ਵਿਭਾਗ, ਪੰਜਾਬ ਦੁਆਰਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਵਿਭਾਗ ਦੁਆਰਾ ਲੁਧਿਆਣਾ ਦੇ ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਉਨ ਲੁਧਿਆਣਾ ਵਿਖੇ ਇਸ ਸ਼ਾਨਦਾਰ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਸਮਾਗਮ ਵਿੱਚ ਸਾਫ਼ ਸੁਥਰੀ ਤੇ ਸਲੀਕੇ ਵਾਲੀ ਪੰਜਾਬੀ ਗਾਇਕੀ ਦਾ ਝੰਡਾ ਬੁਲੰਦ ਕਰਨ ਵਾਲੇ ਪ੍ਰਸਿੱਧ ਗਾਇਕ/ਗੀਤਕਾਰ ਬੀਰ ਸਿੰਘ ਨੇ ਆਪਣੀ ਕਲਾ ਦਾ ਮੁਜਾਹਿਰਾ ਕੀਤਾ।

ਸਮਾਗਮ ਵਿੱਚ ਸਾਬਕਾ ਚੇਅਰਮੈਨ ਪੀ.ਐਸ.ਪੀ.ਸੀ.ਐਲ ਸ.ਬਲਦੇਵ ਸਿੰਘ ਸਰਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ। ਸ.ਜਫ਼ਰ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਸ ਦੌਰ ਵਿੱਚ ਪੰਜਾਬੀ ਗਾਇਕੀ ਨੂੰ ਹਿੰਸਾ, ਹਥਿਆਰ, ਨਸ਼ਿਆਂ ਅਤੇ ਜਾਤੀ ਹੈਂਕੜ ਅਧਾਰਤ ਵਿਸ਼ਿਆਂ ਤੋਂ ਮੁਕਤ ਕਰਨਾਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਬੀਰ ਸਿੰਘ ਦਾ ਇੱਕ ਸਫ਼ਲ ਗਾਇਕ ਵਜੋਂ ਸਥਾਪਤ ਹੋਣਾ ਇਹ ਸਿੱਧ ਕਰਦਾ ਹੈ ਕਿ ਸਾਫ਼ ਸੁਥਰੀ ਗਾਇਕੀ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੀ ਪੰਜਾਬ ਵਿੱਚ ਕੋਈ ਘਾਟ ਨਹੀਂ।

ਸਮਾਗਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਦੀ ਰਸਮ ਨਾਲ਼ ਹੋਈ ਜਿਸ ਵਿੱਚ ਸ.ਬਲਦੇਵ ਸਿੰਘ ਸਰਾਂ, ਸ ਜਸਵੰਤ ਸਿੰਘ ਜ਼ਫ਼ਰ, ਇੰਜ. ਗੁਰਵਿੰਦਰ ਸਿੰਘ ਸਰਨਾ ਸਕੱਤਰ ਮੈਨੇਜਮੈਂਟ ਕਮੇਟੀ, ਡਾ. ਮਨੀਤਾ ਕਾਹਲੋਂ ਪ੍ਰਿੰਸੀਪਲ, ਡਾ. ਬਲਵੀਰ ਕੌਰ ਪੰਧੇਰ ਸ਼ਾਮਿਲ ਹੋਏ। ਤਕਰੀਬਨ ਢਾਈ ਘੰਟੇ ਬੀਰ ਸਿੰਘ ਨੇ ਆਪਣੀ ਗਾਇਕੀ ਨਾਲ਼ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਪੰਜਾਬੀ ਸੱਭਿਆਚਾਰ, ਨੈਤਿਕ ਕਦਰਾਂ ਕੀਮਤਾਂ ਤੇ ਮਾਨਵੀ ਰਿਸ਼ਤਿਆਂ ਦੀ ਬਾਤ ਪਾਉਂਦੇ ਆਪਣੇ ਅਨੇਕ ਮਕਬੂਲ ਗੀਤ ਸਰੋਤਿਆਂ ਨਾਲ ਸਾਂਝੇ ਕੀਤੇ।

ਅੰਤ ਵਿੱਚ ਕਾਲਜ ਪ੍ਸ਼ਾਸ਼ਨ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਬਿਨ੍ਹਾਂ ਭਾਸ਼ਾ ਵਿਭਾਗ ਤੋਂ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਡਾ. ਸੰਦੀਪ ਸ਼ਰਮਾ, ਹਰਪ੍ਰੀਤ ਸਿੰਘ, ਤਿਰਲੋਕ ਸਿੰਘ, ਅਰੁਨ ਕੁਮਾਰ ਅਤੇ ਰਾਜ ਕੁਮਾਰ ਹਾਜ਼ਰ ਸਨ। ਸ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਬੀਰ ਸਿੰਘ ਦੀ ਗਾਇਕੀ ਸਰੋਤਿਆਂ ਨੂੰ ਭਾਵਨਾਵਾਂ ਦੇ ਵਹਿਣ ਵਿੱਚ ਵਹਾ ਲੈਣ ਦੀ ਸਮਰੱਥਾ ਰੱਖਦੀ ਹੈ ਅਤੇ ਅਜਿਹੀ ਗਾਇਕੀ ਲਈ ਸਪੇਸ ਦੇਣੀ ਪੰਜਾਬੀਆਂ ਦੀ ਜਿੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਇਸ ਪੇਸ਼ਕਾਰੀ ਨੂੰ ਮਾਨਣਾ ਉਨ੍ਹਾਂ ਲਈ ਯਾਦਗਾਰੀ ਅਨੁਭਵ ਰਿਹਾ। ਵਿਦਿਆਰਥੀਆਂ ਵਿੱਚ ਇਸ ਸਮਾਗਮ ਲਈ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।

About admin

Check Also

ਸਿਹਤ ਮੰਤਰੀ ਵੱਲੋਂ ਹੋਮਿਓਪੈਥਿਕ ਡਾਕਟਰਾਂ ਨੂੰ ਇਸ ਕਾਰਗਰ ਇਲਾਜ ਪ੍ਰਣਾਲੀ ਨੂੰ ਸੰਭਾਲ ਕੇ ਰੱਖਣ ਅਤੇ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ

ਚੰਡੀਗੜ੍ਹ, 9 ਅਪ੍ਰੈਲ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਹੋਮਿਓਪੈਥੀ ਨੂੰ …

Leave a Reply

Your email address will not be published. Required fields are marked *