ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਲਾ ਸੰਘਿਆ ਡਰੇਨ ਨੇੜੇ ਬਸਤੀ ਪੀਰਦਾਦ ਦੇ 50 ਐਮ.ਐਲ.ਡੀ ਅਤੇ 15 ਐਮ.ਐਲ.ਡੀ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ।
ਇਸ ਮੌਕੇ ਬੰਦ ਪਏ ਟਰੀਟਮੈਂਟ ਪਲਾਟਾਂ ਤੇ ਟੁੱਟੀ ਹੋਦੀ ਰਾਹੀਂ ਡਰੇਨ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦਾ ਸਖਤ ਨੋਟਿਸ ਲੈਂਦਿਆਂ ਸੰਤ ਸੀਚੇਵਾਲ ਨੇ ਜਿਥੇ ਅਧਿਕਾਰੀਆਂ ਨੂੰ ਇਸ ਲਾਪਰਵਾਹੀ ਲਈ ਤਾੜਨਾ ਕੀਤੀ, ਉੱਥੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਇਸ ਬਾਬਤ ਫੋਨ ਕਾਲ ਰਾਹੀਂ ਸੂਚਿਤ ਕਰਕੇ ਜਿੰਮੇਵਾਰ ਧਿਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਸੰਬੰਧਤ ਹਰ ਵਿਭਾਗ ਦੇ ਅਧਿਕਾਰੀਆਂ ਦੀ ਜੁਆਬਦੇਹੀ ਵੀ ਤੈਅ ਕੀਤੀ ਜਾਵੇ।
ਇਸ ‘ਤੇ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਕਮਿਸ਼ਨਰ ਨਗਰ ਨਿਗਮ ਨੂੰ ਮੌਕੇ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਮਿਸ਼ਨਰ ਨਗਰ ਨਿਗਮ ਨੂੰ ਤਿੰਨ ਦਿਨਾਂ ਵਿੱਚ ਸਟੇਟਸ ਰਿਪੋਰਟ ਸੌਂਪਣ ਦੀ ਵੀ ਸਖ਼ਤ ਹਦਾਇਤ ਕੀਤੀ।
ਇਸ ਤੋਂ ਬਾਅਦ ਸੰਤ ਸੀਚੇਵਾਲ ਨੇ ਕਈ ਮਹੀਨਿਆਂ ਤੋਂ ਡਰੇਨ ਪੱਕਾ ਕਰਨ ਦੇ ਚੱਲ ਰਹੇ ਕਾਰਜਾਂ ਦਾ ਵੀ ਜਾਇਜ਼ਾ ਲਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਉਸ ਵੇਲੇ ਨਿਰਾਸ਼ਾ ਹੋਈ, ਜਦੋਂ ਟਰੀਟਮੈਂਟ ਪਲਾਂਟ ਨੂੰ ਜਾਂਦੇ ਸੀਵਰ ਦੀਆਂ ਹੋਦੀਆਂ ਜਾਣਬੁੱਝ ਕੇ ਤੋੜੀਆਂ ਗਈਆਂ ਸਨ, ਜਿਸ ਕਾਰਨ ਸੀਵਰੇਜ਼ ਦਾ ਗੰਦਾ ਪਾਣੀ ਡਰੇਨ ਵਿੱਚ ਲਗਾਤਾਰ ਪੈ ਰਿਹਾ ਹੈ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਡਰੇਨ ਨੂੰ ਲੈ ਕੇ ਚੱਲ ਰਹੇ ਕਾਰਜਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ, ਤਾਂ ਜੋ ਇਸ ਵਿੱਚ 100 ਕਿਊਸਿਕ ਪਾਣੀ ਛੱਡਿਆ ਜਾ ਸਕੇ।
ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਦੂਸ਼ਣ ਵਿਰੁੱਧ ਉਹ ਜਨਤਾ ਨੂੰ ਨਾਲ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਜਦੋਂ ਸਬੰਧਿਤ ਅਧਿਕਾਰੀਆਂ ਦੀ ਲਾਪਰਵਾਹੀ ਦੇਖਦੇ ਹਨ ਤਾਂ ਮਨ ਨੂੰ ਵੱਡੀ ਠੇਸ ਪਹੁੰਚਦੀ ਹੈ।
ਜ਼ਿਕਰਯੋਗ ਹੈ ਕਿ ਕਾਲਾ ਸੰਘਿਆ ਡਰੇਨ ਜਿਹੜੀ ਕਿ ਬੁਲੰਦਪੁਰ ਪਿੰਡ ਤੋਂ ਸ਼ੁਰੂ ਹੁੰਦੀ ਹੈ, ਸ਼ਹਿਰ ਵਿੱਚੋਂ ਹੁੰਦੀ ਹੋਈ ਮਲਸੀਆਂ ਕਸਬੇ ਨੇੜੇ ਚਿੱਟੀ ਵੇਂਈ ਵਿੱਚ ਪੈ ਜਾਂਦੀ ਹੈ। ਇੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਜਲੰਧਰ ਸ਼ਹਿਰ ਵਿੱਚੋਂ 14 ਕਿਲੋਮੀਟਰ ਦੇ ਏਰੀਏ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ।
———
Check Also
ਸਿਹਤ ਮੰਤਰੀ ਵੱਲੋਂ ਹੋਮਿਓਪੈਥਿਕ ਡਾਕਟਰਾਂ ਨੂੰ ਇਸ ਕਾਰਗਰ ਇਲਾਜ ਪ੍ਰਣਾਲੀ ਨੂੰ ਸੰਭਾਲ ਕੇ ਰੱਖਣ ਅਤੇ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ
ਚੰਡੀਗੜ੍ਹ, 9 ਅਪ੍ਰੈਲ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਹੋਮਿਓਪੈਥੀ ਨੂੰ …